Jalandhar News: ਪੰਜਾਬ ਸੜਕ ਸਫਾਈ ਮਿਸ਼ਨ’ ਤਹਿਤ ਡਿਪਟੀ ਕਮਿਸ਼ਨਰ ਨੇ ਜਲੰਧਰ-ਫਗਵਾੜਾ ਰੋਡ ਦਾ ਕੀਤਾ ਨਿਰੀਖਣ

ਪੰਜਾਬੀ ਬਾਣੀ, 15 ਜੁਲਾਈ 2025। Jalandhar News: ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਨਿਵੇਕਲੀ ਪਹਿਲ ‘ਪੰਜਾਬ ਸੜਕ ਸਫਾਈ ਮਿਸ਼ਨ’ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ (Deputy Commissioner Dr. Himanshu Agarwal) ਨੇ ਜਲੰਧਰ (Jalandhar)-ਫਗਵਾੜਾ (Phagwara) ਰੋਡ (ਜਲੰਧਰ ਦੀ ਹੱਦ ਤੱਕ) ਦਾ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨਾਲ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਾਮੀਆਂ ਨੂੰ ਜਲਦੀ ਦੂਰ ਕੀਤਾ ਜਾਵੇ।

ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ

ਉਨ੍ਹਾਂ ਸਫ਼ਾਈ ਵਿਵਸਥਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਬਾਰਿਸ਼ਾਂ ਦੇ ਮੌਸਮ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਪਾਣੀ ਖੜ੍ਹਾ ਹੋਣ ਨਾਲ ਜਿੱਥੇ ਰੋਡ ਖਰਾਬ ਹੁੰਦੀ ਹੈ, ਉੱਥੇ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵਲੋਂ ਪੰਜਾਬ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਰਾਜਾਂ ਵਿੱਚੋਂ ਇੱਕ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਸੜਕਾਂ ਦੀ ਦਿੱਖ ਬਰਕਰਾਰ ਰੱਖਣ ਲਈ ‘ਪੰਜਾਬ ਸੜਕ ਸਫਾਈ ਮਿਸ਼ਨ’ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਵਲੋਂ 10 ਕਿਲੋਮੀਟਰ ਤੱਕ ਦੀਆਂ 51 ਸੜਕਾਂ ਨੂੰ ਗੋਦ ਲਿਆ ਗਿਆ ਹੈ।

Dc Jalandhar
Dc Jalandhar

ਉਨ੍ਹਾਂ ਦੱਸਿਆ ਕਿ ਉਹਨਾਂ ਵਲੋਂ ਖੁਦ ਜਲੰਧਰ-ਫਗਵਾੜਾ ਸੜਕ (ਜਲੰਧਰ ਦੀ ਹੱਦ ਤੱਕ) ਅਡਾਪਟ ਕੀਤੀ ਗਈ ਹੈ, ਜਿਸ ਦੀ ਉਹ ਨਿਰੰਤਰ ਨਿਗਰਾਨੀ ਰੱਖਣਗੇ। ਡਾ. ਅਗਰਵਾਲ ਨੇ ਕਿਹਾ ਕਿ ਮਿਸ਼ਨ ਤਹਿਤ ਰੋਜ਼ਾਨਾ ਨਿਗਰਾਨੀ ਦੌਰਾਨ ਬਲੈਕ ਸਪਾਟਸ, ਇੰਜੀਨੀਅਰਿੰਗ ਦੇ ਨੁਕਸ ਨੂੰ ਦੂਰ ਕਰਵਾਉਣਾ, ਸਮੇਂ-ਸਿਰ ਟੋਇਆਂ ਦੀ ਮੁਰੰਮਤ, ਸਪਸ਼ਟ ਰੋਡ ਮਾਰਕਿੰਗ, ਫੁੱਟਪਾਥਾਂ ਦਾ ਰਖ-ਰਖਾਅ, ਕਾਰਜਸ਼ੀਲ ਸਟ੍ਰੀਟ ਲਾਈਟਾਂ, ਕੂੜੇ ਨੂੰ ਨਿਯਮਿਤ ਤੌਰ ‘ਤੇ ਚੁਕਵਾਉਣ ਸਮੇਤ ਸਮੁੱਚੀ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਡਾ. ਅਗਰਵਾਲ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਅਧਿਕਾਰੀ ਨਿਰੀਖਣ ਦੌਰਾਨ ਪਾਈਆਂ ਗਈਆਂ ਊਣਤਾਈਆਂ ਦੇ ਫੌਰੀ ਹੱਲ ਲਈ ਸਥਾਨਕ ਸਰਕਾਰਾਂ ਵਿਭਾਗ, ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇਅ ਅਥਾਰਿਟੀ ਜਾਂ ਸਬੰਧਿਤ ਵਿਭਾਗ ਨੂੰ ਤੁਰੰਤ ਸੂਚਿਤ ਕਰਨ। ਉਨ੍ਹਾਂ ਅੱਗੇ ਕਿਹਾ ਕਿ ਵਾਰ-ਵਾਰ ਹੋਣ ਵਾਲੀਆਂ ਸਮੱਸਿਆਵਾਂ ਦੇ ਮੂਲ ਕਾਰਨਾਂ ਦਾ ਵਿਸ਼ਲੇਸ਼ਣ ਕਰਕੇ ਸਥਾਈ ਹੱਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀਆਂ ਵਲੋਂ ਸੜਕਾਂ ਗੋਦ ਲਈਆਂ ਗਈਆਂ ਹਨ, ਉਨ੍ਹਾਂ ਅਧਿਕਾਰੀਆਂ ਵਲੋਂ ਸਬੰਧਿਤ ਸੜਕਾਂ ਦੀ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ।

Leave a Comment