ਪੰਜਾਬੀ ਬਾਣੀ, ਲੁਧਿਆਣਾ, 13 ਜੂਨ। Kamal Kaur Bhabhi: ਇੰਸਟਾਗ੍ਰਾਮ ਉੱਤੇ ਕਮਲ ਕੌਰ ਭਾਬੀ (Kamal Kaur Bhabhi) ਦੇ ਨਾਮ ਨਾਲ ਮਸ਼ਹੂਰ ਇੰਫਲੂਐਂਸਰ ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਨਿਹੰਗ ਅੰਮ੍ਰਿਤਪਾਲ ਸਿੰਘ ਮਿਹਰੋਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਹੱਤਿਆ ਦੀ ਜ਼ਿੰਮੇਵਾਰੀ ਲੈ ਲਈ ਹੈ।
ਨਿਹੰਗ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ “ਖ਼ਾਲਸਾ ਕਦੇ ਵੀ ਔਰਤਾਂ ਉੱਤੇ ਹਮਲਾ ਨਹੀਂ ਕਰਦਾ, ਪਰ ਜਦੋਂ ਇੱਕ ਔਰਤ ਸਾਡੇ ਤਖ਼ਤਾਂ ਉੱਤੇ ਹਮਲਾ ਕਰੇਗੀ, ਤਾਂ ਉਸਨੂੰ ਸਜ਼ਾ ਮਿਲੇਗੀ।” ਉਸਨੇ ਕੰਚਨ ਉਰਫ਼ ਕਮਲ ਵੱਲੋਂ “ਕੌਰ” ਨਾਂ ਦੀ ਦੁਰਵਰਤੋਂ ਅਤੇ ਸਿੱਖ ਇਤਿਹਾਸ ਨੂੰ ਬਦਨਾਮ ਕਰਨ ਦੇ ਦੋਸ਼ ਲਗਾਏ ਹਨ।

ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ
ਕਮਲ ਕੌਰ ਦੀ ਲਾਸ਼ ਬਠਿੰਡਾ (Bathinda) ਦੀ ਆਦੇਸ਼ ਯੂਨੀਵਰਸਿਟੀ ਨੇੜੇ ਇੱਕ ਕਾਰ ਵਿੱਚ ਸ਼ੱਕੀ ਹਾਲਾਤਾਂ ‘ਚ ਮਿਲੀ ਸੀ। ਮ੍ਰਿਤਕਾ ਦੀ ਉਮਰ ਲਗਭਗ 35 ਸਾਲ ਸੀ ਤੇ ਉਹ ਲੁਧਿਆਣਾ ਦੀ ਰਹਿਣ ਵਾਲੀ ਸੀ। ਪੁਲਿਸ ਨੂੰ ਮੰਗਲਵਾਰ ਸਵੇਰੇ 5:30 ਵਜੇ ਸੂਚਨਾ ਮਿਲੀ ਸੀ ਕਿ ਹਸਪਤਾਲ ਦੀ ਪਾਰਕਿੰਗ ‘ਚ ਖੜੀ ਇੱਕ ਕਾਰ ‘ਚੋਂ ਬਦਬੂ ਆ ਰਹੀ ਹੈ। ਜਾਂਚ ਕਰਨ ‘ਤੇ ਗੱਡੀ ਦੇ ਅੰਦਰੋਂ ਇੱਕ ਔਰਤ ਦੀ ਲਾਸ਼ ਮਿਲੀ।

ਪੋਸਟਮਾਰਟਮ ਲਈ ਭੇਜ ਦਿੱਤਾ ਗਿਆ
ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿਸ ਕਾਰ ‘ਚ ਲਾਸ਼ ਮਿਲੀ, ਉਸ ਉੱਤੇ ਲੁਧਿਆਣਾ ਨੰਬਰ ਸੀ, ਪਰ ਸ਼ੱਕ ਹੈ ਕਿ ਇਹ ਨੰਬਰ ਨਕਲੀ ਹੋ ਸਕਦਾ ਹੈ। ਹਾਲਾਂਕਿ ਘਟਨਾ ਸਥਲ ਤੋਂ ਸ਼ੱਕੀ ਵਿਅਕਤੀ ਫਰਾਰ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।