ਪੰਜਾਬੀ ਬਾਣੀ, ਜਲੰਧਰ/ਕਪੂਰਥਲਾ, 13 ਜੂਨ। Punjab News: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (IKG PTU) ਦੇ 18ਵੇਂ ਰਜਿਸਟਰਾਰ ਦਾ ਕਾਰਜਭਾਰ ਡਾ.ਨਵਦੀਪਕ ਸੰਧੂ ਨੂੰ ਮਿਲਿਆ ਹੈ। ਯੂਨੀਵਰਸਿਟੀ ਦੀ ਸੁਪਰੀਮ ਬਾਡੀ ਬੋਰਡ ਆਫ਼ ਗਵਰਨਰਸ (ਬੀ.ਓ.ਜੀ) ਦੀ ਚੇਅਰਪਰਸਨ ਵੱਲੋਂ ਜਾਰੀ ਹਿਦਾਇਤਾਂ ਮੁਤਾਬਿਕ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ (ਡਾ) ਸੁਸ਼ੀਲ ਮਿੱਤਲ ਵੱਲੋਂ ਡਾ.ਨਵਦੀਪਕ ਸੰਧੂ ਨੂੰ ਰਜਿਸਟਰਾਰ ਦੇ ਅਹੁਦੇ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਯੂਨੀਵਰਸਿਟੀ ਦੇ 17ਵੇਂ ਰਜਿਸਟਰਾਰ ਰਹੇ ਡਾ ਐਸ ਕੇ ਮਿਸ਼ਰਾ ਵੱਲੋਂ ਸਰਦਾਰ ਬੇਅੰਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਉਪ-ਕੁਲਪਤੀ ਦਾ ਅਹੁਦਾ ਸੰਭਾਲਣ ਮਗਰੋਂ ਆਈ.ਕੇ.ਜੀ ਪੀ.ਟੀ.ਯੂ ਦੇ ਰਜਿਸਟਰਾਰ ਦਾ ਅਹੁਦਾ ਖਾਲੀ ਸੀ। ਡਾ.ਨਵਦੀਪਕ ਸੰਧੂ ਨੇ ਰਜਿਸਟਰਾਰ ਵੱਜੋਂ ਸ਼ੁਕਰਵਾਰ ਨੂੰ ਅਹੁਦਾ ਸੰਭਾਲ ਲਿਆ।

ਵਾਧੂ ਕਾਰਜਭਾਰ ਉਪਰ ਸ਼ੁਭਕਾਮਨਾਵਾਂ
ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ (ਡਾ) ਸੁਸ਼ੀਲ ਮਿੱਤਲ ਨੇ ਉਹਨਾਂ ਨੂੰ ਰਜਿਸਟਰਾਰ ਦਫ਼ਤਰ ਵਿਖੇ ਪਹੁੰਚ ਕੇ ਜੁਆਇਨ ਕਰਵਾਇਆ। ਇਸ ਮੌਕੇ ਬਾਘਾਪੁਰਾਣਾ ਵਿਧਾਨਸਭਾ ਤੋਂ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ, ਜੋ ਕਿ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਹਨ, ਵਿਸ਼ੇਸ਼ ਤੌਰ ਤੇ ਮੌਜੂਦ ਸਨ। ਉਹਨਾਂ ਡਾ.ਨਵਦੀਪਕ ਸੰਧੂ ਨੂੰ ਮਿਲੇ ਰਜਿਸਟਰਾਰ ਦੇ ਵਾਧੂ ਕਾਰਜਭਾਰ ਉਪਰ ਸ਼ੁਭਕਾਮਨਾਵਾਂ ਦਿੱਤੀਆਂ।

ਜਿਕਰਯੋਗ ਹੈ ਕਿ ਡਾ.ਨਵਦੀਪਕ ਸੰਧੂ ਇਸੇ ਯੂਨੀਵਰਸਿਟੀ ਵਿਚ ਡਿਪਟੀ ਡਾਇਰੈਕਟਰ (ਕਾਰਪੋਰੇਟ ਰਿਲੇਸ਼ਨ) ਦੇ ਅਹੁਦੇ ਤੇ ਕੰਮ ਕਰ ਰਹੇ ਹਨ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਸਟਾਫ਼ ਮੈਂਬਰਾਂ ਵੱਲੋਂ ਡਾ.ਨਵਦੀਪਕ ਸੰਧੂ ਨੂੰ ਅਹੁਦੇ ਦੀ ਵਧਾਈ ਦਿੱਤੀ ਗਈ।