ਪੰਜਾਬੀ ਬਾਣੀ,16 ਜੁਲਾਈ 2025। Punjab News: ਪੰਜਾਬ ਸਰਕਾਰ (Punjab Govt) ਵੱਲੋਂ ਬਾਲ ਵਿਆਹ ਰੋਕਥਾਮ ਮੁਹਿੰਮ ਤਹਿਤ ਚਲਾਏ ਜਾ ਰਹੇ ਯਤਨਾਂ ਤਹਿਤ, ਗੁਰਦਾਸਪੁਰ (Gurdaspur) ਜ਼ਿਲ੍ਹੇ ਵਿੱਚ ਬਾਲ ਵਿਆਹ ਦੇ ਦੋ ਮਾਮਲਿਆਂ ਨੂੰ ਸਫਲਤਾਪੂਰਵਕ ਰੋਕਿਆ ਗਿਆ ਹੈ।
ਡਾ. ਬਲਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਬਾਲ ਵਿਆਹ ਰੋਕੂ ਐਕਟ (Child Marriage Prevention Act) 2006 ਦੇ ਤਹਿਤ, 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਸਜ਼ਾਯੋਗ ਅਪਰਾਧ ਹੈ। ਜਿਵੇਂ ਹੀ ਕਿਸੇ ਬਾਲ ਵਿਆਹ ਦੀ ਰਿਪੋਰਟ ਮਿਲੀ, ਤੁਰੰਤ ਦਖਲ ਦਿੱਤਾ ਗਿਆ ਅਤੇ ਦੋਵਾਂ ਪਰਿਵਾਰਾਂ ਨੂੰ ਕਾਨੂੰਨ ਅਤੇ ਬੱਚਿਆਂ ਦੀ ਸਿਹਤ, ਸਿੱਖਿਆ ਅਤੇ ਭਵਿੱਖ ‘ਤੇ ਬਾਲ ਵਿਆਹ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈ (ਡੀ.ਸੀ.ਪੀ.ਯੂ.), ਸੀ.ਡੀ.ਪੀ.ਓ., ਬਾਲ ਭਲਾਈ ਕਮੇਟੀਆਂ ਅਤੇ ਚਾਈਲਡ ਹੈਲਪਲਾਈਨ ਟੀਮਾਂ ਦੁਆਰਾ ਤਾਲਮੇਲ ਅਤੇ ਤੇਜ਼ ਕਾਰਵਾਈ ਨੇ ਪਿੰਡ ਸਹਾਣੇ ਚੱਕ (ਬਲਾਕ ਕਲਾਨੌਰ) ਅਤੇ ਪਿੰਡ ਗੜ੍ਹੀਆਂ ਪੰਨਿਆਦ (ਬਲਾਕ ਗੁਰਦਾਸਪੁਰ) ਵਿੱਚ ਇਹਨਾਂ ਦੋਵਾਂ ਬਾਲ ਵਿਆਹਾਂ ਨੂੰ ਰੋਕ ਦਿੱਤਾ।

ਜਨ ਜਾਗਰੂਕਤਾ ਮੁਹਿੰਮ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਬਾਲ ਵਿਆਹ ਮੁਕਤ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਾਲ ਵਿਆਹ ਦੀਆਂ ਘਟਨਾਵਾਂ ਨੂੰ ਜੜ੍ਹੋਂ ਪੁੱਟਣ ਲਈ ਲਗਾਤਾਰ ਜਨ ਜਾਗਰੂਕਤਾ ਮੁਹਿੰਮਾਂ ਚਲਾ ਰਹੀ ਹੈ, ਤਾਂ ਜੋ ਪੰਜਾਬ ਨੂੰ ਬੱਚਿਆਂ ਦੇ ਸੁਰੱਖਿਅਤ ਭਵਿੱਖ ਵਾਲਾ ਪ੍ਰਗਤੀਸ਼ੀਲ ਸੂਬਾ ਬਣਾਇਆ ਜਾ ਸਕੇ।
ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਆਪਣੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਬੱਚਿਆਂ ਦੇ ਵਿਆਹ ਨੂੰ ਕਾਨੂੰਨੀ ਉਮਰ ਤੱਕ ਮੁਲਤਵੀ ਕਰਨ ‘ਤੇ ਸਹਿਮਤੀ ਪ੍ਰਗਟਾਈ। ਨਾਲ ਹੀ, ਪਰਿਵਾਰਾਂ ਅਤੇ ਪਿੰਡ ਵਾਸੀਆਂ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਤੁਰੰਤ ਰਿਪੋਰਟ ਕਰਨ ਲਈ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਜਾਣਕਾਰੀ ਦਿੱਤੀ ਗਈ।
ਆਮ ਲੋਕਾਂ ਨੂੰ ਅਪੀਲ
ਡਾ. ਬਲਜੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਚੇਤ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਬਾਲ ਵਿਆਹ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਚਾਈਲਡ ਹੈਲਪਲਾਈਨ 1098 ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨਗੇ । ਉਨ੍ਹਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।