Amritsar News: ਅੰਮ੍ਰਿਤਸਰ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਚ ਰੋਸ ਦੀ ਲਹਿਰ , ਤੁਰੰਤ ਕਾਰਵਾਈ ਦੀ ਮੰਗ ਕੀਤੀ

ਪੰਜਾਬੀ ਬਾਣੀ, 14 ਜੁਲਾਈ 2025।(Amritsar News): ਪੰਜਾਬ (Punjab) ਵਿੱਚ ਧਰਮਾਂ ਨੂੰ ਲੈ ਕੇ ਦਿਨ ਪ੍ਰਤੀਦਿਨ ਖਿਲਵਾੜ ਕੀਤਾ ਜਾ ਰਿਹਾ, ਬੇਅਦਬੀ ਦੇ ਪਹਿਲੇ ਮਾਮਲੇ ਸੁਲਝ ਹੀ ਰਹੇ ਸੀ। ਅੰਮ੍ਰਿਤਸਰ ਵਿੱਚ ਫਿਰ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅੰਮ੍ਰਿਤਸਰ (Amritsar) ਦੇ ਰਣਜੀਤ ਐਵਨਿਊ ਇਲਾਕੇ ਵਿੱਚ ਕੂੜੇ ਵਾਲੀ ਗੱਡੀ ‘ਚ ਗੁਟਕਾ ਸਾਹਿਬ (Gutka Sahib Sacrilege) ਦੇ ਅੰਗ ਮਿਲਣ ਮਾਮਲੇ ਨੇ ਸਿੱਖ ਸੰਗਤ ‘ਚ ਰੋਸ ਪੈਦਾ ਕਰ ਦਿੱਤਾ ਹੈ।

ਸਿੱਖ ਜਥੇਬੰਦੀਆਂ ਨੇ ਬੇਅਦਬੀ ਹੋਣ ਤੇ ਰੋਸ ਜਤਾਇਆ

ਸਿੱਖ ਜਥੇਬੰਦੀਆਂ ਨੇ ਬੇਅਦਬੀ ਹੋਣ ਤੇ ਥਾਣਾ ਰਣਜੀਤ ਐਵਨਿਊ ਵਿੱਚ ਰੋਸ ਜਤਾਇਆ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ । ਪੁਲਿਸ ਅਧਿਕਾਰੀ (Amritsar Police) ਰੋਬਿਨ ਹੰਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਜਾਰੀ ਹੈ।ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੂੜੇ ਵਾਲੀ ਗੱਡੀ ਵਿੱਚ ਗੁਟਕਾ ਸਾਹਿਬ ਦੇ ਅੰਗ ਮਿਲੇ।

ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ ਕੇ ਬੁਰਾ ਹਾਲ, ਦੇਖੋ VIDEO

ਗੱਡੀ ਦੇ ਡਰਾਈਵਰ ਨੇ ਇਹ ਅੰਗ ਡੀ ਬਲਾਕ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿੱਚ ਜਮ੍ਹਾਂ ਕਰਵਾਏ, ਪਰ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਅਜਿਹਾ ਕੁਝ ਨਹੀਂ ਪਹੁੰਚਿਆ ਅਤੇ ਸੀਸੀਟੀਵੀ ਕੈਮਰੇ ਵੀ ਨਾ ਚਲਣ ਦੀ ਗੱਲ ਕਹੀ। ਇਸ ਮਾਮਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਵੇਂ ਆਲ ਇੰਡੀਆ ਸਿੱਖ ਸਤਿਕਾਰ ਕਮੇਟੀ ਅਤੇ ਹੋਰ ਸੰਗਠਨਾਂ ਨੇ ਗੰਭੀਰ ਰੋਸ ਜਤਾਇਆ।

ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ

ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਜਿੰਮੇਵਾਰਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਨਿਹੰਗ ਸਿੰਘ ਬਾਬਾ ਪਾਰਸ ਅਤੇ ਮਨਦੀਪ ਸਿੰਘ ਸਿੱਖ ਆਗੂਆਂ ਨੇ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਇਹ ਗੱਲ ਸਿਰਫ ਸਿੱਖਾਂ ਦੀ ਨਹੀਂ, ਸਾਰੇ ਜਗਤ ਦੀ ਮਰਯਾਦਾ ਨਾਲ ਜੁੜੀ ਹੋਈ ਹੈ।

ਜਥੇਬੰਦੀਆਂ ਵਲੋਂ ਇਲਜ਼ਾਮ ਲਗਾਇਆ ਗਿਆ ਕਿ ਇਹ ਅੰਗ ਕਿਸੇ ਨੇ ਜਾਣਬੁੱਝ ਕੇ ਘਰ ਦੇ ਕੂੜੇ ਵਿਚ ਸੁੱਟੇ ਹਨ, ਜੋ ਕਿ ਸਿੱਧੀ ਤੌਰ ‘ਤੇ ਬੇਅਦਬੀ ਹੈ। ਜਦੋਂ ਕੂੜਾ ਸੁੱਟਣ ਵੇਲੇ ਗੱਡੀ ਦੇ ਡਰਾਈਵਰ ਨੂੰ ਇਸ ਦੀ ਜਾਣਕਾਰੀ ਹੋਈ ਤਾਂ ਉਸ ਵੱਲੋਂ ਗੁਟਕਾ ਸਾਹਿਬ ਦੇ ਅੰਗ ਅਤੇ ਪੋਥੀਆਂ ਰਣਜੀਤ ਐਵਨਿਊ-ਡੀ ਬਲਾਕ ਦੇ ਗੁਰਦੁਆਰਾ ਸਾਹਿਬ ਵਿਖੇ ਕਿਸੇ ਸੰਗਤ ਨੂੰ ਦਿੱਤੇ ਜਾਣ ਦੀ ਵੀ ਗੱਲ ਸਾਹਮਣੇ ਆਈ, ਪਰ ਉਹ ਵਿਅਕਤੀ ਕੌਣ ਸੀ, ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਪੁਲਿਸ ਦਾ ਕੀ ਹੈ ਕਹਿਣਾ ?

ਦੂਜੇ ਪਾਸੇ ਥਾਣਾ ਰਣਜੀਤ ਐਵਨਿਊ ਦੇ ਥਾਣਾ ਮੁਖੀ ਰੋਬਿਨ ਹੰਸ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਗੁਟਕਾ ਸਾਹਿਬ ਦੇ ਅੰਗ ਬਰਾਮਦ ਹੋਏ ਹਨ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਅੰਗ ਕਿੱਥੋਂ ਆਏ ਤੇ ਕਿਸ ਨੇ ਸੁੱਟੇ ? ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Comment