Canada News: ਭਾਰੀ ਬਰਫ਼ਬਾਰੀ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ, ਸੈਂਕੜੇ ਉਡਾਣਾਂ ਵਿੱਚ ਦੇਰੀ

ਪੰਜਾਬੀ ਬਾਣੀ, ਟਰਾਂਟੋ, 27 ਦਸੰਬਰ 2025। ਕੈਨੇਡਾ ਦੇ ਟਰਾਂਟੋ ਖੇਤਰ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਭਾਰੀ ਬਰਫ਼ਬਾਰੀ ਨੇ ਜਨਜੀਵਨ ਦੇ ਨਾਲ-ਨਾਲ ਹਵਾਈ ਆਵਾਜਾਈ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਟਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਸੈਂਕੜੇ ਉਡਾਣਾਂ ਦੇਰੀ ਨਾਲ ਚੱਲੀਆਂ ਜਾਂ ਰੱਦ ਹੋਣ ਦੀ ਸਥਿਤੀ ਵਿੱਚ ਪਹੁੰਚ ਗਈਆਂ। ਹਵਾਈ ਅੱਡੇ ਦੀ ਉਡਾਣ ਸੂਚੀ ਅਨੁਸਾਰ 70 ਫੀਸਦੀ ਤੋਂ ਵੱਧ ਉਡਾਣਾਂ ਦੀ ਲੈਂਡਿੰਗ ਆਪਣੇ ਨਿਧਾਰਤ ਸਮੇਂ ਤੋਂ ਕਾਫ਼ੀ ਦੇਰ ਨਾਲ ਹੋਈ, ਜਦਕਿ ਉਡਾਣ ਭਰਨ ਲਈ ਯਾਤਰੀਆਂ ਨੂੰ ਇੱਕ ਤੋਂ ਢਾਈ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ।

ਕੈਨੇਡਾ (Canada) ਦੇ ਟਰਾਂਟੋ ਹਵਾਈ ਅੱਡਾ ਪ੍ਰਸ਼ਾਸਨ ਅਤੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਖ਼ਤ ਉਪਾਅ ਅਪਣਾਏ ਗਏ। ਏਟੀਸੀ ਸੂਤਰਾਂ ਮੁਤਾਬਕ ਬਰਫ਼ਬਾਰੀ ਕਾਰਨ ਹਵਾਈ ਪਟੀਆਂ ‘ਤੇ ਜਹਾਜ਼ਾਂ ਦੇ ਤਿਸਲਣ ਦਾ ਖਤਰਾ ਕਾਫ਼ੀ ਵੱਧ ਗਿਆ ਸੀ, ਜਿਸ ਕਾਰਨ ਹਰ ਉਡਾਣ ਨੂੰ ਉਤਰਨ ਜਾਂ ਉੱਡਾਣ ਭਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਜਾਂਚਿਆ ਗਿਆ। ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਮੁੱਖ ਤਰਜੀਹ ਦਿੰਦਿਆਂ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਕੀਤੀ ਗਈ।

Canada Super Visa
Canada Super Visa

ਸਫਾਈ ਅਮਲਾ ਲਗਾਤਾਰ ਕੰਮ ਕਰਦਾ ਰਿਹਾ

ਟਰਾਂਟੋ ਹਵਾਈ ਅੱਡੇ ਦੀਆਂ ਤਿੰਨੋਂ ਹਵਾਈ ਪਟੀਆਂ ‘ਤੇ ਸਫਾਈ ਅਮਲਾ ਲਗਾਤਾਰ ਕੰਮ ਕਰਦਾ ਰਿਹਾ। ਬਰਫ਼ ਹਟਾਉਣ ਵਾਲੀਆਂ ਮਸ਼ੀਨਾਂ ਅਤੇ ਰਸਾਇਣਕ ਛਿੜਕਾਅ ਰਾਹੀਂ ਪਟੀਆਂ ਨੂੰ ਵਰਤੋਂ ਯੋਗ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਸਥਿਤੀ ਨੂੰ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਲਿਆਉਣ ਵਿੱਚ ਸਮਾਂ ਲੱਗਿਆ। ਇਸ ਦੌਰਾਨ ਕੁਝ ਉਡਾਣਾਂ ਨੂੰ ਤੁਰੰਤ ਉਤਰਨ ਜਾਂ ਉੱਡਾਣ ਦੀ ਆਗਿਆ ਦੇਣਾ ਸੁਰੱਖਿਅਤ ਨਹੀਂ ਸਮਝਿਆ ਗਿਆ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਇਸ ਭਾਰੀ ਬਰਫ਼ਬਾਰੀ ਦਾ ਅਸਰ ਅੰਤਰਰਾਸ਼ਟਰੀ ਉਡਾਣਾਂ ‘ਤੇ ਵੀ ਪਿਆ। ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਉਡਾਣ, ਜੋ ਦੁਪਹਿਰ 1:05 ਵਜੇ ਰਵਾਨਾ ਹੋਣੀ ਸੀ, ਲਗਭਗ ਢਾਈ ਘੰਟੇ ਦੀ ਦੇਰੀ ਨਾਲ ਉੱਡੀ। ਇਸ ਤੋਂ ਇਲਾਵਾ ਯੂਰਪ, ਏਸ਼ੀਆ ਅਤੇ ਅਮਰੀਕਾ ਜਾਣ ਵਾਲੀਆਂ ਕਈ ਲੰਮੀ ਦੂਰੀ ਦੀਆਂ ਉਡਾਣਾਂ ਵੀ ਆਪਣੇ ਨਿਰਧਾਰਤ ਸਮੇਂ ‘ਤੇ ਨਹੀਂ ਚੱਲ ਸਕੀਆਂ। ਦੇਰੀ ਕਾਰਨ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Canada Flight
Canada Flight

ਉਡਾਣਾਂ ਦੀ ਆਵਾਜਾਈ

ਏਟੀਸੀ ਸੂਤਰਾਂ ਨੇ ਇਹ ਵੀ ਮੰਨਿਆ ਕਿ ਖ਼ਰਾਬ ਮੌਸਮ ਅਤੇ ਘੱਟ ਦਿੱਖ ਕਾਰਨ ਕੁਝ ਛੋਟੇ ਜਹਾਜ਼ਾਂ ਨੂੰ ਲੈਂਡਿੰਗ ਤੋਂ ਪਹਿਲਾਂ ਕੁਝ ਸਮੇਂ ਲਈ ਹਵਾਈ ਚੱਕਰ ਲਗਾਉਣੇ ਪਏ। ਇਹ ਫੈਸਲਾ ਸਿਰਫ਼ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਹਾਲਾਂਕਿ ਸ਼ਾਮ ਤੱਕ ਬਰਫ਼ਬਾਰੀ ਦੀ ਤੀਬਰਤਾ ਵਿੱਚ ਕਮੀ ਆਉਣ ਕਾਰਨ ਹਾਲਾਤ ਕੁਝ ਹੱਦ ਤੱਕ ਸੁਧਰ ਗਏ ਅਤੇ ਉਡਾਣਾਂ ਦੀ ਆਵਾਜਾਈ ਹੌਲੀ-ਹੌਲੀ ਨਾਰਮਲ ਹੋਣ ਲੱਗੀ।

ਹਵਾਈ ਅੱਡਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਉਡਾਣ ਦੀ ਸਥਿਤੀ ਬਾਰੇ ਪਹਿਲਾਂ ਤੋਂ ਜਾਣਕਾਰੀ ਲੈ ਕੇ ਹੀ ਹਵਾਈ ਅੱਡੇ ਪਹੁੰਚਣ ਅਤੇ ਮੌਸਮੀ ਹਾਲਾਤਾਂ ਕਾਰਨ ਹੋ ਸਕਣ ਵਾਲੀ ਦੇਰੀ ਲਈ ਸਹਿਯੋਗ ਕਰਨ।

Leave a Comment