Heroin Recovered: ਫਿਰੋਜ਼ਪੁਰ ਪੁਲਿਸ ਤੇ ਬੀਐੱਸਐੱਫ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਫੜੀ 15 ਪੈਕਟ ਹੈਰੋਇਨ ਦੀ ਵੱਡੀ ਖੇਪ, ਕਰੋੜਾਂ ‘ਚ ਹੈ ਕੀਮਤ

ਪੰਜਾਬੀ ਬਾਣੀ, 17 ਜੁਲਾਈ 2025। Heroin Recovered: ਭਾਰਤ-ਪਾਕਿਸਤਾਨ ਸਰਹੱਦ ’ਤੇ ਫਿਰੋਜ਼ਪੁਰ (Firozpur) ਜ਼ਿਲ੍ਹੇ ਦੇ ਪਿੰਡ ਟੇਂਡੀ ਵਾਲਾ ਨੇੜੇ ਬੀਐੱਸਐੱਫ (ਸੀਮਾ ਸੁਰੱਖਿਆ ਬਲ) ਅਤੇ ਫਿਰੋਜ਼ਪੁਰ ਪੁਲਿਸ ਨੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਤੋਂ ਤਸਕਰੀ ਕਰਕੇ ਲਿਆਂਦੀ ਗਈ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ।

ਇਸ ਕਾਰਵਾਈ ਵਿਚ 15 ਪੈਕਟ ਹੈਰੋਇਨ ਵਜਨ ਕਰੀਬ ਸਾਢੇ ਸੱਤ ਕਿਲੋਗ੍ਰਾਮ ਜ਼ਬਤ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਬੀਐੱਸਐੱਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਤਸਕਰਾਂ ਨੂੰ ਹੈਰੋਇਨ ਦੀ ਇਕ ਵੱਡੀ ਖੇਪ ਸੌਂਪੀ ਜਾਣ ਵਾਲੀ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਸੂਚਨਾ ਮਿਲਦੇ ਹੀ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐੱਸਐੱਸਪੀ) ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਅਤੇ ਬੀਐੱਸਐੱਫ ਨੇ ਮਿਲ ਕੇ ਸਰਹੱਦੀ ਖੇਤਰ ਵਿਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ।ਇਸ ਦੌਰਾਨ ਪਿੰਡ ਟੇਂਡੀ ਵਾਲਾ ਦੇ ਇਲਾਕੇ ਵਿਚ ਲੁਕਾਈ ਹੋਈ 15 ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਇਹ ਹੈਰੋਇਨ ਜਿਸ ਨੂੰ ਸਰਹੱਦ ਪਾਰੋਂ ਤਸਕਰੀ ਕਰਕੇ ਲਿਆਂਦਾ ਗਿਆ ਸੀ ਨੂੰ ਭਾਰਤੀ ਬਾਜ਼ਾਰਾਂ ਵਿਚ ਸਪਲਾਈ ਕਰਨ ਦੀ ਯੋਜਨਾ ਸੀ। ਸੁਰੱਖਿਆ ਏਜੰਸੀਆਂ ਨੇ ਇਸ ਖੇਪ ਨੂੰ ਸਮੇਂ ਸਿਰ ਫੜ੍ਹ ਕੇ ਤਸਕਰਾਂ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ।

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਰੁੱਧ

ਦੱਸ ਦੇਈਏ ਕਿ ਬਰਾਮਦ ਕੀਤੀ ਹੈਰੋਇਨ ਦੀ ਮਾਤਰਾ ਅਤੇ ਇਸ ਦੀ ਅੰਤਰਰਾਸ਼ਟਰੀ ਮੁੱਲ ਦੇ ਮੱਦੇਨਜ਼ਰ, ਇਹ ਕਾਰਵਾਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਰੁੱਧ ਇਕ ਵੱਡੀ ਜਿੱਤ ਮੰਨੀ ਜਾ ਰਹੀ ਹੈ। ਬੀਐੱਸਐੱਫ ਅਤੇ ਪੰਜਾਬ ਪੁਲਿਸ ਦਾ ਸਾਂਝਾ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ।ਅਧਿਕਾਰੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਹੈਰੋਇਨ ਦੀ ਖੇਪ ਨੂੰ ਕਿਹੜੇ ਭਾਰਤੀ ਤਸਕਰਾਂ ਨੇ ਮੰਗਵਾਇਆ ਸੀ ਅਤੇ ਇਸ ਨੂੰ ਅੱਗੇ ਕਿੱਥੇ ਸਪਲਾਈ ਕਰਨ ਦੀ ਯੋਜਨਾ ਸੀ। ਇਸ ਦੇ ਨਾਲ ਹੀ ਸਰਹੱਦ ’ਤੇ ਸੁਰੱਖਿਆ ਵਧਾਉਣ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ।

Leave a Comment