ਪੰਜਾਬੀ ਬਾਣੀ, 24 ਜੁਲਾਈ 2025। Punjab News: ਪੰਜਾਬ (Punjab) ਵਿੱਚ ਜਿੱਥੇ ਲੋਕੀ ਖਾਣਾ ਬਹੁਤ ਹੀ ਮਨ ਭਰ ਕੇ ਖਾਂਦੇ ਹਨ। ਖਾਣੇ ਦਾ ਸਵਾਦ ਸਾਡੇ ਦੇਸੀ ਘਿਓ ਤੋਂ ਹੀ ਆਉਂਦਾ ਹੈ। ਪਰ ਸਾਡੇ ਪੰਜਾਬ ਵਿੱਚ ਖਾਣ ਵਾਲ਼ੀ ਹਰ ਚੀਜ਼ ਵਿੱਚ ਮਿਲਾਵਟ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ-ਤਰਨਤਾਰਨ ਵਿੱਚ ਦੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਸਿਹਤ ਵਿਭਾਗ ਫੂਡ ਸੇਫਟੀ ਅਤੇ ਪੁਲਿਸ ਥਾਣਾ ਚਾਟੀਵਿੰਡ ਨੇ ਅੱਜ ਅੰਮ੍ਰਿਤਸਰ(Amritsar)-ਤਰਨਤਾਰਨ(Tarn Taran) ਰੋਡ ਉਤੇ ਸਥਿਤ ਪਿੰਡ ਗਿੱਲਵਾਲੀ ਸਥਿਤ ਇੱਕ ਨਕਲੀ ਦੇਸੀ ਘਿਉ ਬਣਾਉਣ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ।
ਨਕਲੀ ਦੇਸੀ ਘਿਓ ਬਰਾਮਦ
ਦੱਸਿਆ ਜਾ ਰਿਹਾ ਹੈ ਕਿ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਦੇਸੀ ਘਿਓ ਬਰਾਮਦ ਕੀਤਾ ਗਿਆ ਹੈ। ਇਹ ਫੈਕਟਰੀ “ਜੀਕੇ ਫੂਡ” ਨਾਂਅ ਹੇਠ ਚਲ ਰਹੀ ਸੀ, ਜਿੱਥੇ ਵਨਸਪਤੀ ਅਤੇ ਰਿਫਾਇੰਡ ਤੇ ਕੈਮੀਕਲ ਮਿਲਾ ਕੇ ਨਕਲੀ ਦੇਸੀ ਘਿਉ ਤਿਆਰ ਕੀਤਾ ਜਾ ਰਿਹਾ ਸੀ। ਪੁਲਿਸ ਨੇ ਮੌਕੇ ਉਤੇ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਪੰਕਜ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਦੱਸ ਦੇਈਏ ਕਿ ਪੁਲਿਸ ਦੀ ਪੁੱਛਗਿੱਛ ਦੌਰਾਨ ਪੰਕਜ ਨੇ ਦੱਸਿਆ ਕਿ ਇਹ ਫੈਕਟਰੀ ਕਰੀਬ ਪਿਛਲੇ 5 ਸਾਲਾਂ ਤੋਂ ਨਕਲੀ ਦੇਸੀ ਘਿਓ ਤਿਆਰ ਕਰਕੇ ਵੱਖ-ਵੱਖ ਧਾਰਮਿਕ ਅਸਥਾਨਾਂ ਅਤੇ ਦੁਕਾਨਾਂ ਨੂੰ ਸਪਲਾਈ ਕਰਦੀ ਸੀ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਿਉ ਗੁਰਦੁਆਰਾ ਸਾਹਿਬ ਦੇ ਨੇੜੇ ਅਤੇ ਸ੍ਰੀ ਦਰਬਾਰ ਸਾਹਿਬ ਜਿਹੇ ਪਵਿੱਤਰ ਥਾਵਾਂ ‘ਤੇ ਵੀ ਖੁੱਲ੍ਹੇ ਆਮ ਵੇਚਿਆ ਜਾ ਰਿਹਾ ਸੀ, ਜੋ ਕਿ ਨਾ ਸਿਰਫ ਸਿਹਤ ਨਾਲ ਖਿਲਵਾੜ ਹੈ ਸਗੋਂ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਾਉਂਦਾ ਹੈ।
ਸਿਹਤ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ
ਪੁਲਿਸ ਅਧਿਕਾਰੀ ਹਰਸਿਮਰਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਅਸੀਂ ਕਾਫੀ ਸਮੇਂ ਤੋਂ ਇਸ ਫੈਕਟਰੀ ‘ਤੇ ਨਜ਼ਰ ਰੱਖੀ ਹੋਈ ਸੀ। ਅੱਜ ਸਿਹਤ ਵਿਭਾਗ ਨਾਲ ਮਿਲ ਕੇ ਰੇਡ ਕਰਕੇ ਇੱਥੋਂ ਵੱਡੀ ਮਾਤਰਾ ਵਿੱਚ ਨਕਲੀ ਘਿਉ ਬਰਾਮਦ ਕੀਤਾ ਗਿਆ। ਇਕ ਕਾਰੀਗਰ ਨੂੰ ਮੌਕੇ ‘ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਫੈਕਟਰੀ ਦਾ ਮਾਲਕ ਵਿਕਰਮਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਫੈਕਟਰੀ ਨੂੰ ਸੰਬੰਧਿਤ ਅਧਿਕਾਰੀਆਂ ਦੀ ਹਾਜ਼ਰੀ ਵਿਚ ਸੀਲ ਕਰ ਦਿੱਤਾ ਗਿਆ ਹੈ ਅਤੇ ਮਾਲਕ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਕਰਵਾਈ ਜਾਰੀ ਹੈ।
ਇਸ ਮੌਕੇ ਥਾਣਾ ਚਾਟੀਵਿੰਡ ਦੀ ਮੁੱਖੀ ਹਰਸਿਮਰਨ ਕੌਰ ਨੇ ਕਿਹਾ ਕਿ ਇਸ ਫੈਕਟਰੀ ਵਿਚੋਂ ਕਾਬੂ ਕੀਤੇ ਗਏ ਨੌਜਵਾਨ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਮੌਕੇ ਤੋਂ ਫਰਾਰ ਹੋਏ ਨੌਜਵਾਨਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਸਾਫ਼ ਕੀਤਾ ਗਿਆ ਕਿ ਭਵਿੱਖ ਵਿੱਚ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।